ਗੁਣਤਾਸਾ
ਤਾਸਾ ਯਾਂ ਤਾਸ ਸ਼ਬਦ ਦੇ ਕਈ ਮਾਇਨੇ ਹਨ ।ਇੱਕ ਅਜਿਹਾ ਕੱਪੜਾ ਜਿਹਦਾ ਤਾਣਾ ਰੇਸ਼ਮ ਦਾ ਤੇ ਬਾਣਾ ਜ਼ਰੀ ਦੀਆਂ ਤੰਦਾਂ ਦਾ ਹੋਵੇ ਓਹਨੂੰ ਤਾਸ ਕਹਿੰਦੇ ਨੇ।ਤਾਸ ਦਾ ਮਤਲਬ ‘ਮਾਲਕ’ ਵੀ ਹੁੰਦਾ ਐ, ਪਿਆਲਾ ਵੀ ਹੁੰਦੈ, ਡਰੌਣਾ ਵੀ ਹੁੰਦੈ ਤੇ ਹਿੱਸੇਦਾਰ ਵੀ ਹੁੰਦਾ ਐ। ਕਿਸੇ ਦੇ ਮਤਲਬ ਲੱਭਣੇ ਸੁਖਾਲੇ ਥੋੜ੍ਹੀ ਨੇ ਕਿਤੇ।
ਸਿਮਰੋ ਧਰਤ ਅਰੁ ਅਕਾਸਾ॥ ਸਿਮਰੋ ਚੰਦ ਸੂਰਜ ਗੁਣਤਾਸਾ॥ - ਮਾਰੂ ਸੋਲਹੇ ਮਹਲਾ ੫
ਸ਼ਬਦਾਂ ਦਾ ਮਤਲਬ ਲੱਬਣ ਨੂੰ ਪਹਿਲਾਂ ਸ਼ਬਦ ਆਪ ਕੋਸ਼ ਵਿੱਚੋਂ ਲੱਭਣੇ ਪੈਂਦੇ ਨੇ।ਤਤਕਰੇ ਤੇ ਚਿਣਾਈ ਤੇ ਉੰਗਲ ਪਹਿਲਾਂ ਲੜੀਵਾਰ ਪੈਂਤੀ ਅੱਖਰੀ‘ਚੋਂ ‘ਤ’ ਅੱਖਰ ਲੱਭਦੀ ਹੈ, ਫੇਰ ਵਰਕਾ ਦਰ ਵਰਕਾ ‘ਤ’ ਤੋਂ ਸ਼ੁਰੂ ਹੋਣ ਵਾਲੇ ਅੱਖਰਾਂ ਦਾ ਸ਼ਹਿਰ ਭਰਮਾਓਂਦੀ ਐ, ਫੇਰ ‘ਤਾ’ — ‘ਤਾੳ_’, ‘ਤਾਅ_’, ‘ਤਾੲ_’ ਦੇ ਮੁਹੱਲਿਆਂ ਤੋਂ ਮਗਰੋਂ ਜਾ ਕੇ ਆਉਂਦਾ ਆ ‘ਤਾਸ_’ ਅੱਖਰਾਂ ਦਾ ਟੋਲਾ।
ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ ॥ ਅਖਰ ਕਰਿ ਕਰਿ ਬੇਦ ਬੀਚਾਰੇ ॥
‘ਐਨ ਇਨਵੈਟੀਗੇਸ਼ਨ ਓਫ਼ ਦਾ ਵ੍ਰਡ’(ਸ਼ਬਦ ਦੀ ਪੜਚੋਲ਼) ਵਿੱਚ ਬੋਰਖੇਸ ਲਿਖਦਾ ਐ ਵੀ ਵਿਆਕ੍ਰਨ (Grammar) ਤੋਂ ਵੱਧ ਮਨੁੱਖੀ ਕੋਈ ਸ਼ੈਅ ਨਹੀਂ — ਇਹ ਪਦਾਰਥ, ਜੀਵ ਜੰਤੂਆਂ ਤੇ ਦੇਵੀ ਦੇਵਤਿਆਂ ਤੋਂ ਓਹਲੇ ਹੈ।ਸ਼ਬਦਾਂ ਦਾ ਜੋੜ ਹੈ ਵਿਆਕ੍ਰਨ ਤੇ ਇਸ ਤੋਂ ਬਗੈਰ ਤੁੱਕ ਨਹੀਂ ਜੁੜਦੀ।
ਪਰ ਸ਼ਬਦ ਆਪ ਵੀ ਤਾਂ ਓਨੇ ਹੀ ਮਨੁੱਖੀ ਹੰਨ, ਜਿਵੇਂ ਪੰਜਵੇਂ ਪਾਤਸ਼ਾਹ ਦੀ ਕਲਮ ਚੋਂ ਲਿਖਿਆ — ਗੁਣਤਾਸਾ।
ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ ॥ ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ॥ ਤਿਨਾ ਦੇਖਿ ਮਨਿ ਚਾਉ ਉਠੰਦਾ ਹਓ ਕਦਿ ਪਾਈ ਗੁਣਤਾਸਾ ॥ - ਛੰਤ ਜੈਤਸਰੀ ਮਹਲਾ ੫
ਸ਼ਬਦ ਹੀ ਸਾਡੀ ਹੋਂਦ ਹਨ। ਫ਼ਲਸੂਫ਼ੀਆਂ ‘ਚ ਅਮਰਜੀਤ ਚੰਦਨ ਲਿਖਦਾ ਹੈ ਵੀ ‘ਅੰਬੀ’ ਉਸਦਾ ਸਭ ਤੋਂ ਪਿਆਰਾ ਸ਼ਬਦ ਹੈ।ਮੈਨੂੰ ‘ਗੁਣਤਾਸਾ’ ਚੰਗਾ ਲੱਗਦਾ ਹੈ। ਮੈਂ ਤੈਨੂੰ ਕਦੇ ਦੱਸਿਆ ਨਹੀਂ ਪਰ ਮੈਨੂੰ ਇਹ ਸ਼ਬਦ ਹਮੇਸ਼ਾ ਤੇਰੀ ਅਵਾਜ਼ ‘ਚ ਹੀ ਸੁਣਦੈ।ਇਹ ਬੋਲਣਾ ਮੈਨੂੰ ਓਨਾ ਹੀ ਮਿੱਠਾ ਲਗਦੈ, ਜਿੰਨੀਆਂ ਬੀਜੀ ਦੇ ਹੱਥੋਂ ਲੈਕੇ ਖਾਧੀਆਂ ਫੁੱਲੜੀਆਂ ਲੱਗਦੀਆਂ ਸਨ। ‘ਯਾਰ ਵੇ’ ‘ਕਦਿ ਪਾਈ ਗੁਣਤਾਸਾ’।
ਇਹ ਕੋਈ ਆਮ ਵਰਤੋਂ ਦਾ ਸ਼ਬਦ ਨਹੀਂ ਹੈ।ਮੈਨੂੰ ਯਾਦ ਨਹੀਂ ਵੀ ਮੈਂ ਪਹਿਲੀ ਵਾਰ ਇਹ ਕਿੱਥੇ ਸੁਣਿਆ ਸੀ ਪਰ ਲਾਜ਼ਮੀ ਗੱਲ ਐ ਵੀ ਦੋ ਤਿੰਨ ਵਾਰ ਤੋਂ ਵੱਧ ਕਿਸੇ ਦੇ ਮੂੰਹੋਂ ਨਹੀਂ ਸੁਣਿਆ ਹੋਣਾ। ਫ਼ੇਰ ਵੀ ਮੇਰਾ ਇਸ ਨਾਲ ਕੋਈ ਵਿਲੱਖਣ ਜਿਹਾ ਮੋਹ ਹੈ।ਜੇ ਮੈਂ ਕਰ ਸਕਦਾ ਹੁੰਦਾ ਤਾਂ ਤੇਰਾ ਨਾਂ ਮੁਕੰਮਲ਼ ਕਰਕੇ ਗੁਣਤਾਸਾ ਕਰ ਦਿੰਦਾ। ਇਹਨੂੰ ਨਿੱਤ ਮੂੰਹੋਂ ਬੋਲਣਾ ਹੀ ਮੇਰੀ ਬੰਦਗੀ ਹੋ ਜਾਂਦੀ।
ਪ੍ਰੋਵਿੰਸਟਾਊਨ
ਜੋਲ਼ ਮਾਇਰੋਵਿਟਜ਼, ਪ੍ਰਿੰਟ ੧੯੮੦