ਧੁੰਧਾ ਤੇ ਸ਼ਹੀਦ
ਉਸ ਨੂੰ ਸ਼ਹੀਦ ਆਖ ਦਿਓ
ਉਸ ਨੂੰ ਸ਼ਹੀਦ ਆਖ ਦਿਓ।
ਕਹਿ ਦਿਓ ਵੀ ਓਹ ਮਰ ਕੇ ਤਾਰਾ ਹੋ ਗਿਆ ਹੈ।
ਜਿਉਂਦਿਆਂ ਭਾਵੇਂ ਉਹ ਅਜ਼ਾਦ ਨਾ ਹੋ ਸਕਿਆ,
ਹੁਣ ਪਰ ਉਸ ਦਾ ਦੇਸਾਂ ਤੋਂ ਉਤਾਰਾ ਹੋ ਗਿਆ ਹੈ।
ਇਹ ਮੁਲਕ ਜਿੱਥੇ ਲੋਥਾਂ ਵੀ ਝੰਡੇ ਚ ਲਪੇਟੀਆਂ ਜਾਂਦੀਆਂ ਨੇ,
ਇਹਨੇ ਆਖ਼ਰ ਕਦੋਂ ਤੀਕਰ ਉਸ ਨੂੰ ਰੋਟੀ ਖਵਾਉਣੀ ਸੀ।ਐਂ ਅਹਿਸਾਨ ਨਾਲ ਦਿੱਤੀ ਖ਼ੈਰ ਉਸ ਖਾਣੀ ਵੀ ਨਹੀਂ ਸੀ।
ਇਨਸਾਨ ਦੀ ਮੌਤ ਤੈਨੂੰ ਹਜੇ ਵੀ ਝੰਜੋੜ ਦੀ ਐ?
ਹਾਂ,
ਉਹ ਮੈਨੂੰ ਕਹਿੰਦੀ ਹੁੰਦੀ ਸੀ,
ਵੀ, ਜੇ ਗੋਲੀ ਕਿਸੇ ਦੇ ਮਾਰਨੀਓ ਐ ਨਾਂ ਤਾਂ ਆਪਣੇ ਹੀ ਮਾਰ ਲੈ।
ਝੰਡੇ ਜਿੰਨਾ ਘਰਾਂ ਦੇ ਅੰਦਰ ਹੀ ਚੜਾਏ ਹੋਏ ਨੇ ਉਹਨਾਂ ਕਾਠੀਆਂ ਵੀ ਕੁਰਸੀਆਂ ਨੂੰ ਹੀ ਪਾ ਲੈਣੀਆਂ ਨੇ।
ਜਿੰਨਾ ਕੁਰਸੀਆਂ ਤੇ ਬੈਠ ਕੇ ਓਹਨਾਂ ਇਸ ਨੂੰ ਸ਼ਹੀਦ ਕਹਿਣਾ ਹੈ— ਇਹ ਤਾਂ ਵੀਰੋ ਹੁਣ ਮਰ ਕੇ ਤਾਰਾ ਹੋ ਗਿਆ ਹੈ।
ਅਜ਼ਾਦੀ ਆਓਣੀ ਐ ਧੁੰਦਾਂ ਦੇ ਮੌਸਮ ਚ।
ਅਜ਼ਾਦੀ ਆਓਣੀ ਐ ਧੁੰਦਾਂ ਦੇ ਮੌਸਮ ਚ।
ਜਿਵੇਂ ਹਰੀ ਕ੍ਰਾਂਤੀ ਆਈ ਸੀ। ਮੂੰਹ ਹਨੇਰੇ ਸਵੇਰੇ ਸਵੇਰੇ।
ਪਹਿਲੋਂ ਤੇ ਓਹਨੂੰ ਆਓਂਦੀ ਨੂੰ ਕੁੱਤਿਆਂ ਨੇ ਹੀ ਪੈ ਜਾਣੇ ਐ,
ਜਿਵੇਂ ਸਵੇਰੇ ਸਵੇਰੇ ਬੋਰੀਆਂ-ਟੰਗੀ ਕੂੜਾ ਚੁਗਣ ਵਾਲਿਆਂ ਨੂੰ ਪੈ ਜਾਂਦੇ ਨੇ।